ਅਯੁੱਧਿਆ-ਉੱਤਰ ਪ੍ਰਦੇਸ਼ ਪੁਲੀਸ ਨੇ ਦਲਿਤ ਲੜਕੀ ਦੇ ਕਥਿਤ ਕਤਲ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੜਕੀ ਦੀ ਲਾਸ਼ ਸ਼ਨਿਚਰਵਾਰ ਨੂੰ ਨਹਿਰ ’ਚੋਂ ਬਰਾਮਦ ਕੀਤੀ ਗਈ ਸੀ। ਸੀਨੀਅਰ ਪੁਲੀਸ ਸੁਪਰਡੈਂਟ ਰਾਜ ਕਰਨ ਨਾਇਰ ਨੇ ਦੱਸਿਆ ਕਿ ਹਰੀ ਰਾਮ ਕੋਰੀ, ਵਿਜੇ ਸਾਹੂ ਅਤੇ ਦਿਗਵਿਜੈ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ। 5 ਫਰਵਰੀ ਨੂੰ ਹੋਣ ਵਾਲੀ ਮਿਲਕੀਪੁਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਲੜਕੀ ਦੀ ਮੌਤ ਸਿਆਸੀ ਮੁੱਦਾ ਬਣ ਗਈ ਹੈ। ਕਤਲ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਯੋਗੀ ਆਦਿਤਿਆਨਾਥ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਪੀਡੀਏ ’ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਫੈਜ਼ਾਬਾਦ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਪੀੜਤਾ ਦੇ ਘਰ ਉਸ ਦੇ ਪਰਿਵਾਰ ਨੂੰ ਮਿਲਣ ਗਏ ਸਨ। ਬਾਅਦ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪ੍ਰਸਾਦ ਭਾਵੁਕ ਹੋ ਗਏ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ ਫੈਜ਼ਾਬਾਦ ਦੇ ਸੰਸਦ ਮੈਂਬਰ ‘ਡਰਾਮਾ’ ਕਰ ਰਹੇ ਹਨ।ਆਜ਼ਾਦ ਸਮਾਜ ਪਾਰਟੀ-ਕਾਂਸ਼ੀਰਾਮ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਅਯੁੱਧਿਆ ’ਚ ਦਲਿਤ ਲੜਕੀ ਦੇ ਕਤਲ ਖ਼ਿਲਾਫ਼ ਅੱਜ ਸੰਸਦ ਦੇ ਪ੍ਰੇਰਣਾ ਸਥਲ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਅੱਗੇ ਪ੍ਰਦਰਸ਼ਨ ਕੀਤਾ। ਉਨ੍ਹਾਂ ਇਸ ਮੁੱਦੇ ’ਤੇ ਚਰਚਾ ਲਈ ਸੰਸਦ ਵਿੱਚ ਮਤਾ ਵੀ ਪੇਸ਼ ਕੀਤਾ। ਪ੍ਰਦਰਸ਼ਨ ਦੌਰਾਨ ਆਜ਼ਾਦ ਨੇ ਇਸ ਨੂੰ ਨਿਰਭਯਾ ਕੇਸ ਤੋਂ ਵੀ ਬਦਤਰ ਦੱਸਿਆ। ਉਨ੍ਹਾਂ ਕਿਹਾ, ‘ਮੈਂ ਇੱਥੇ ਅਯੁੱਧਿਆ ਦੀ ਬੇਟੀ ਲਈ ਬੈਠਾ ਹਾਂ। ਇਸ ਦਾ ਕਾਰਨ ਇਹ ਹੈ ਕਿ ਅਯੁੱਧਿਆ, ਜਿੱਥੇ ਕਿਹਾ ਜਾਂਦਾ ਹੈ ਕਿ ਰਾਮ ਰਾਜ ਹੈ, ਵਿੱਚ ਨਿਰਭਯਾ ਤੋਂ ਵੀ ਬਦਤਰ ਘਟਨਾ ਵਾਪਰੀ ਹੈ।’ ਆਜ਼ਾਦ ਨੇ ਸਰਕਾਰ ਦੀ ਕਰਾਵਾਈ ਦੀ ਸਖ਼ਤ ਆਲੋਚਨਾ ਕੀਤੀ ਅਤੇ ਜਵਾਬਦੇਹੀ ਦੀ ਮੰਗ ਕੀਤੀ।
ਤ੍ਰਿਣਮੂਲ ਕਾਂਗਰਸ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਦੀ ਨਿਖੇਧੀ-ਤ੍ਰਿਣਮੂਲ ਕਾਂਗਰਸ ਨੇ ਅਯੁੱਧਿਆ ’ਚ 22 ਸਾਲਾ ਦਲਿਤ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਅੱਜ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ਅਧੀਨ ਉੱਤਰੀ ਰਾਜ ‘ਡਰ, ਅਤਿਆਚਾਰ ਅਤੇ ਬੇਇਨਸਾਫੀ ਦੀ ਧਰਤੀ’ ਬਣ ਗਈ ਹੈ। ਪਾਰਟੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਦਾਅਵਿਆਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, ‘ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ ਤੁਹਾਡੀ ਅਖੌਤੀ ਕਾਨੂੰਨ ਅਤੇ ਵਿਵਸਥਾ ਕਿੱਥੇ ਹੈ? ਹੁਣ ਤੁਹਾਡੀ ‘ਬੇਟੀ ਬਚਾਓ’ ਮੁਹਿੰਮ ਕਿੱਥੇ ਹੈ? ਤੁਹਾਡੇ ਉੱਤਰ ਪ੍ਰਦੇਸ਼ ਵਿੱਚ ਦਲਿਤ ਔਰਤਾਂ ਨਾਲ ਜਬਰ-ਜਨਾਹ ਅਤੇ ਕਤਲ ਹੋ ਰਹੇ ਹਨ ਅਤੇ ਤੁਸੀਂ ਇਸ ਵੱਲ ਧਿਆਨ ਵੀ ਨਹੀਂ ਦਿੰਦੇ।’